7 w - Traducciones

ਕਾਲੇਕੇ ਤੋਂ ਮੋਹ ਭਰੀ ਵਿਦਾਇਗੀ ਹੋਈ , ਘੋੜਾ ਜੋੜਾ ਅਰਪਤ ਕਰ ਭੇਟਾ ਕਬੂਲ ਕਰਨ ਲਈ ਕਾਲੇਕੇ ਦੇ ਸਭ ਮਾਈ ਭਾਈ ਸਿਜਦੇ ਚ ਹੋ ਬੋਲੇ "ਭੇਟਾ ਕਬੂਲ ਕਰ ਧੰਨਤਾ ਦੇ ਪਾਤਰ ਬਣਾਓ ਮਹਾਰਾਜ ਪਿੰਡ ਨੂੰ" ਪਾਤਸ਼ਾਹ ਦੀਆਂ ਬੁਲੀਆਂ ਤੇ ਮੁਸਕਰਾਹਟ ਬਿਖਰੀ ਤੇ ਲੋਕਾਂ ਨੇ ਅਵਾਜ ਸੁਣੀ " ਭੇਟਾ ਕਬੂਲ ਭਈ" । ਧੰਨ ਹੋ, ਡੰਡੋਤ ਵਿਚ ਹੋ ਗਿਆ ਪੂਰੇ ਦਾ ਪੂਰਾ ਪਿੰਡ ਤੇ ਹੁਣ ਰੁਖ ਸੀ ਖਡੂਰ , ਗੋਇੰਦਵਾਲ ਤੇ ਤਰਨਤਾਰਨ ਦਾ । ਖਿਲਚੀਆਂ, ਰਤਨਗੜ੍ਹ ,ਨਾਗੋਕੇ ਤੇ ਫਿਰ ਖਡੂਰ । ਖਡੂਰ ਤੋਂ ਰੁਖ ਹੋਇਆ ਤਰਨਤਾਰਨ ਤੇ ਰਸਤਾ ਸੀ ਗੋਇੰਦਵਾਲ ਦੇ ਵਿਚ ਦੀ । ਕੁਲ ਤੇ ਹੀ ਤੁੱਠੇ ਪਾਤਸ਼ਾਹ ਆਸੀਸਾਂ ,ਮਿਹਰਾਂ, ਬਰਕਤਾਂ ਤੇ ਬਖਸ਼ਿਸ਼ਾਂ ਨਾਲ ਝੋਲੀਆਂ ਭਰਦੇ ਜਾਅ ਪਹੁੰਚੇ " ਰਾਮਦਾਸ ਪੁਰ" ਸ੍ਰੀ ਅੰਮ੍ਰਿਤਸਰ ਸਾਹਿਬ, ਜਿਥੇ ਵੰਡੀਆਂ ਸਨ ਪਾਤਸ਼ਾਹੀਆਂ ਸੱਚੇ ਪਾਤਸ਼ਾਹਾਂ ਜੀਆਂ ਨੇ । ਸੰਗਤਾਂ ਨੂੰ ਜਿਉਂ ਜਿਉਂ ਪਤਾ ਲਗਦਾ ਗਿਆ ਹੁੰਮ-ਹੁੰਮਾ ਕੇ ਪਾਤਸ਼ਾਹ ਦੇ ਕਾਫਲੇ ਦਾ ਹਿਸਾ ਹੋ ਧੰਨਤਾ ਦਾ ਭਾਗ ਬਣਦੀਆਂ ਗਈਆਂ ਤੇ ਹੁਣ ਪਹੁੰਚ ਗਏ ਕਾਫਲੇ " ਹਰਿਮੰਦਰ ਸਾਹਿਬ " ਦੀਆਂ ਪ੍ਰਕਰਮਾ ਵਿਚ । ਗਦ-ਗਦ ਸੀ ਕੁਲ ਲੋਕਾਈ, ਹੁੰਦੀ ਵੀ ਕਿਉਂ ਨ ਭਲਾ " ਪਾਤਸ਼ਾਹ ਹਜੂਰ ਜਦ ਹੋਣ ਸਨਮੁੱਖ। ਨਤਮਸਤਕ ਹੋਣਾ ਸੀ ਸਭ ਨੇ ਅਜ ਹਰਿਮੰਦਰ ਸਾਹਿਬ ਚ ਜਿਥੇ ਪਾਕ ਪੈੜਾਂ ਸਨ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਨਾਲ ਨਾਲ ਸਾਈਂ ਮੀਰ ਸਮੇਤ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀਆਂ ਦੀਆਂ। ਅਜੇ ਰੁਖ ਹੋਇਆ ਈ ਸੀ ਹਰਿਮੰਦਰ ਦਾ ਕਿ ਕਾਲੀਆਂ ਬਦਰੂਹਾਂ ਨੂੰ ਆਪਣੇ ਪੈਰਾਂ ਹੇਠੋਂ ਜਮੀਨ ਖਿਸਕਦੀ ਲਗਣ ਲਗੀ । ਸੋਚਿਆ ਜੇ ਇਹ ਇਥੇ ਬਿਰਾਜਮਾਨ ਹੋ ਗਏ ਤੇ ਫਿਰ ਸਾਡੀ ਹਾਲਤ ਤੇ ਪਾਣੀਓ ਪਤਲੀ ਹੋਣ ਚ ਪਲ ਵੀ ਕਿਥੇ ਲਗਣਾ । ਭੁੱਖੇ ਮਰ ਜੂ ਕੋੜਮਾ ਪੂਰੇ ਦਾ ਪੂਰਾ ਤੇ ਲਾ ਕੇ ਜੰਦਰਾ ਤਿਤਰ ਹੋ ਗਿਆ ਲਾਣਾ ਸਾਰੇ ਦਾ ਸਾਰਾ। ਬੇਨਤੀ ਕੀਤੀ ਪਾਤਸ਼ਾਹ ਹੁਕਮ ਹੋਵੇ ਤੇ ਜੰਦਰਾ ਤੋੜ ਮਰੋੜ ਦੇਈਏ। ਨਾਂਹ ਚ ਸਿਰ ਹਿਲਦਾ ਦਿਸਿਆ ਤੇ ਪਾਤਸ਼ਾਹ ਐਨ ਅਕਾਲ ਬੁੰਗੇ ਦੇ ਨਾਲ ਮੁੱਖ ਕਰ ਹਰਿਮੰਦਰ ਵਲ ਚੌਕੜਾ ਲਾ ਬੈਠ ਗਏ ਤੇ ਹਰਿਮੰਦਰ ਪਾਤਸ਼ਾਹਾਂ ਕੋਲ ਚਲਕੇ ਆ ਗਿਆ। ਉਸ ਅਸਥਾਨ ਨੂੰ ਥੜਾ ਸਾਹਿਬ ਜਾਂ ਭੋਰਾ ਸਾਹਿਬ ਦਾ ਨਾਮ ਮਿਲਿਆ। ਕੁਝ ਪਲ, ਘੜੀਆਂ ਜਾਂ ਪੂਰਾ ਦਿਨ ਬਤੀਤ ਕੀਤਾ । ਪਾਤਸ਼ਾਹ ਨੇ ਭਗੌੜਿਆਂ ਨੂੰ ਵੀ ਆਸੀਸਾਂ ਦੀ ਬਖਸ਼ਿਸ਼ ਕੀਤੀ ਤੇ ਹੁਣ ਰੁਖ ਕਿਧਰ ਸੀ ਪਾਤਸ਼ਾਹ ਦੀ ਮੌਜ ਤੇ ਉਸਦੀ ਮੌਜ ਚ ਈ ਤੇ ਸੀ ਸੰਗਤ ਪਿਛੇ ਪਿਛੇ।।

image